ਆਵੇਗਸ਼ੀਲਤਾ
ਆਵੇਗਸ਼ੀਲਤਾ (ਅੰਗਰੇਜ਼ੀ: Impulsivity) ਵਿਹਾਰ ਦੀ ਇੱਕ ਵਿਸ਼ੇਸ਼ਤਾ ਹੈ, ਜਿਸ ਵਿੱਚ ਵਿਅਕਤੀ ਨਤੀਜਿਆਂ ਬਾਰੇ ਪਹਿਲਾਂ ਸੋਚੇ ਬਿਨਾਂ ਤੇਜ਼ੀ ਨਾਲ ਅਤੇ ਆਪਮੁਹਾਰੇ ਪ੍ਰਤੀਕਿਰਿਆ ਕਰਨ ਵੱਲ ਝੁਕਾਅ ਰੱਖਦਾ ਹੈ। ਆਵੇਗਸ਼ੀਲ ਲੋਕ ਅਕਸਰ ਮੌਜੂਦਾ ਪਲ ਜਾਂ ਭਾਵਨਾਵਾਂ ਦੇ ਪ੍ਰਭਾਵ ਹੇਠ ਕੰਮ ਕਰਦੇ ਹਨ ਅਤੇ ਸਥਿਤੀ ਦਾ ਵਿਸ਼ਲੇਸ਼ਣ ਕਰਨ ਜਾਂ ਯੋਜਨਾ ਬਣਾਉਣ ਲਈ ਕਾਫ਼ੀ ਸਮਾਂ ਨਹੀਂ ਦਿੰਦੇ।
ਆਵੇਗਸ਼ੀਲ ਵਿਹਾਰ ਵੱਖ-ਵੱਖ ਰੂਪਾਂ ਵਿੱਚ ਪ੍ਰਗਟ ਹੋ ਸਕਦਾ ਹੈ, ਜਿਵੇਂ ਕਿ ਆਪਮੁਹਾਰੇ ਖ਼ਰੀਦਦਾਰੀ ਕਰਨਾ, ਯੋਜਨਾਵਾਂ ਵਿੱਚ ਅਚਾਨਕ ਵੱਡੀਆਂ ਤਬਦੀਲੀਆਂ ਕਰਨਾ, ਤੇਜ਼ੀ ਨਾਲ ਫ਼ੈਸਲੇ ਲੈਣਾ ਜਾਂ ਸਮਾਜਿਕ ਮੇਲ-ਜੋਲ ਦੌਰਾਨ ਬਿਨਾਂ ਸੋਚੇ ਕੰਮ ਕਰਨਾ। ਭਾਵੇਂ ਕਈ ਵਾਰ ਆਵੇਗਸ਼ੀਲਤਾ ਸਕਾਰਾਤਮਕ ਨਤੀਜੇ ਦੇ ਸਕਦੀ ਹੈ, ਉਦਾਹਰਨ ਵਜੋਂ ਰਚਨਾਤਮਕ ਹੱਲ ਲੱਭਣ ਜਾਂ ਨਾਜ਼ੁਕ ਸਥਿਤੀਆਂ ਵਿੱਚ ਤੇਜ਼ੀ ਨਾਲ ਪ੍ਰਤੀਕਿਰਿਆ ਕਰਨ ਵੇਲੇ, ਪਰ ਜ਼ਿਆਦਾਤਰ ਇਸ ਦੇ ਨਕਾਰਾਤਮਕ ਨਤੀਜੇ ਹੋ ਸਕਦੇ ਹਨ, ਜਿਨ੍ਹਾਂ ਵਿੱਚ ਰਿਸ਼ਤਿਆਂ ਦੀਆਂ ਸਮੱਸਿਆਵਾਂ, ਵਿੱਤੀ ਨੁਕਸਾਨ ਜਾਂ ਜੋਖਮ ਭਰਿਆ ਵਿਹਾਰ ਸ਼ਾਮਲ ਹਨ।
ਆਵੇਗਸ਼ੀਲਤਾ ਕਈ ਮਨੋਵਿਗਿਆਨਕ ਪੱਖਾਂ ਨਾਲ ਸੰਬੰਧਿਤ ਹੈ, ਜਿਨ੍ਹਾਂ ਵਿੱਚ ਸਵੈ-ਨਿਯੰਤਰਣ, ਭਾਵਨਾਤਮਕ ਨਿਯਮਨ ਅਤੇ ਸੰਜਾਣਾਤਮਕ ਪ੍ਰਕਿਰਿਆਵਾਂ ਸ਼ਾਮਲ ਹਨ। ਕੁਝ ਮਾਮਲਿਆਂ ਵਿੱਚ ਵਧੀ ਹੋਈ ਆਵੇਗਸ਼ੀਲਤਾ ਮਨੋਵਿਗਿਆਨਕ ਵਿਕਾਰਾਂ ਦਾ ਸੰਕੇਤ ਹੋ ਸਕਦੀ ਹੈ, ਜਿਵੇਂ ਕਿ ਮਨੋਦਸ਼ਾ ਵਿਕਾਰ, ਨਸ਼ੇ ਦੀ ਲਤ ਵਾਲਾ ਵਿਹਾਰ ਜਾਂ ਧਿਆਨ-ਘਾਟ/ਅਤਿ-ਸਰਗਰਮੀ ਵਿਕਾਰ (ADHD)।