ਸੋਚ (ਅੰਗਰੇਜ਼ੀ: Thinking) ਇੱਕ ਸੰਜਾਣਾਤਮਕ ਪ੍ਰਕਿਰਿਆ ਹੈ, ਜਿਸ ਦੀ ਵਿਸ਼ੇਸ਼ਤਾ ਸਮੱਸਿਆਵਾਂ ਹੱਲ ਕਰਨ, ਫ਼ੈਸਲੇ ਲੈਣ ਅਤੇ ਨਵੇਂ ਵਿਚਾਰ ਸਿਰਜਣ ਲਈ ਮਾਨਸਿਕ ਪ੍ਰਤੀਨਿਧਤਾਵਾਂ ਬਣਾਉਣ ਅਤੇ ਉਨ੍ਹਾਂ ਵਿੱਚ ਤਬਦੀਲੀ ਕਰਨ ਦੀ ਸਮਰੱਥਾ ਹੈ। ਸੋਚ ਵਿੱਚ ਕਲਪਨਾ, ਸਮਝ, ਤਰਕ, ਯੋਜਨਾ ਬਣਾਉਣਾ ਅਤੇ ਫ਼ੈਸਲੇ ਲੈਣਾ ਵਰਗੀਆਂ ਪ੍ਰਕਿਰਿਆਵਾਂ ਸ਼ਾਮਲ ਹਨ। ਇਸ ਦਾ ਭਾਸ਼ਾਈ ਸਮਰੱਥਾਵਾਂ, ਯਾਦਦਾਸ਼ਤ ਅਤੇ ਧਿਆਨ ਨਾਲ ਨੇੜਲਾ ਸੰਬੰਧ ਹੈ।

ਇਹ ਪਰਿਭਾਸ਼ਾ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਸੋਚ ਸਿਰਫ਼ ਜਾਣਕਾਰੀ ਦੀ ਮਸ਼ੀਨੀ ਪ੍ਰਕਿਰਿਆ ਤੱਕ ਸੀਮਿਤ ਨਹੀਂ ਹੈ; ਇਸ ਵਿੱਚ ਸਿਰਜਣਾਤਮਕ ਪੱਖ ਵੀ ਸ਼ਾਮਲ ਹੈ। ਸੋਚ ਦੀਆਂ ਕਈ ਕਿਸਮਾਂ ਹਨ: ਅਮੂਰਤ, ਆਲੋਚਨਾਤਮਕ, ਸਿਰਜਣਾਤਮਕ, ਅੰਤਰ-ਪ੍ਰੇਰਿਤ ਆਦਿ। ਹਰ ਕਿਸਮ ਸਾਡੀ ਸੰਜਾਣਾਤਮਕ ਪ੍ਰਕਿਰਿਆ ਵਿੱਚ ਵਿਲੱਖਣ ਭੂਮਿਕਾ ਨਿਭਾਉਂਦੀ ਹੈ ਅਤੇ ਸੰਸਾਰ ਨਾਲ ਅੰਤਰਕਿਰਿਆ ਕਰਨ ਦੇ ਵੱਖ-ਵੱਖ ਤਰੀਕੇ ਪ੍ਰਦਾਨ ਕਰਦੀ ਹੈ।

ਉਦਾਹਰਨ ਲਈ, ਅਮੂਰਤ ਸੋਚ ਸਾਨੂੰ ਵੱਖ-ਵੱਖ ਵਿਚਾਰਾਂ ਅਤੇ ਸੰਕਲਪਾਂ ਵਿਚਕਾਰ ਸੰਬੰਧ ਸਥਾਪਤ ਕਰਨ ਦੇ ਯੋਗ ਬਣਾਉਂਦੀ ਹੈ, ਜਦਕਿ ਸਿਰਜਣਾਤਮਕ ਸੋਚ ਨਵੇਂ ਵਿਚਾਰ ਅਤੇ ਹੱਲ ਪੈਦਾ ਕਰਨ ਵਿੱਚ ਸਹਾਇਕ ਹੁੰਦੀ ਹੈ। ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਅਤੇ ਤਰਕਸੰਗਤ ਫ਼ੈਸਲੇ ਲੈਣ ਲਈ ਆਲੋਚਨਾਤਮਕ ਸੋਚ ਜ਼ਰੂਰੀ ਹੈ।